ਬਠਿੰਡਾ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਲਹਿਰਾਇਆ ਕੌਮੀ ਝੰਡਾ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ

ਲੋੜਵੰਦਾਂ ਨੂੰ ਵੰਡੇ ਟਰਾਈ ਸਾਈਕਲ ਤੇ ਸਿਲਾਈ ਮਸ਼ੀਨਾਂ

0 953,704


ਬਠਿੰਡਾ।
ਮੁਲਕ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਤੇ ਉਚੇਰੀ ਸਿੱਖਿਆ ਮੰਤਰੀ ਪੰਜਾਬ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਬਹੁ ਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਇਸ ਜ਼ਿਲਾ ਪੱਧਰੀ ਸਮਾਗਮ ਦੌਰਾਨ ਆਪਣਾ ਸੰਦੇਸ਼ ਦਿੰਦਿਆਂ ਸ. ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਅਤੇ ਤੰਦਰੁਸਤੀ ਦੀਆਂ ਲੀਹਾਂ ‘ਤੇ ਚਲਾਉਂਦਿਆਂ ਮੁੱਖ ਮੰਤਰੀ, ਪੰਜਾਬ ਕੈੈਪਟਨ ਅਮਰਿੰਦਰ ਸਿੰਘ ਵਲੋਂ ਕਈ ਉਪਰਾਲੇ ਕੀਤੇ ਗਏ ਹਨ।

ਇਨਾਂ ਉਪਰਾਲਿਆਂ ਤਹਿਤ ਜਿੱਥੇ ਪੰਜਾਬ ਸਰਕਾਰ ਨਸ਼ਿਆਂ ਖਿਲਾਫ਼ ਆਪਣੀ ਲੜਾਈ ਸਫ਼ਲਤਾ ਪੂਰਵਕ ਲੜ ਰਹੀ ਹੈ, ਉਥੇ ਹੀ ਨਸ਼ਾ ਪੀੜਤਾਂ ਦੇ ਮੁਫ਼ਤ ਇਲਾਜ ਅਤੇ ਮੁੜ ਵਸੇਬੇ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬਹੁਤ ਹੀ ਧੂਮਧਾਮ ਨਾਲ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸੂਬੇ ਨੂੰ ਹਰਿਆ ਭਰਿਆ ਬਣਾਉਣ ਲਈ ਹਰ ਪਿੰਡ ਵਿਚ 550 ਪੌਦੇ ਲਗਾਏ ਜਾ ਰਹੇ ਹਨ।   

 ਸੰਘਰਸ਼ ਵਿੱਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੇ ਹਿੱਸੇ ਆਈਆਂ


ਸ. ਬਾਜਵਾ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਆਜ਼ਾਦੀ ਪ੍ਰਾਪਤੀ ਲਈ ਚੱਲੇ ਸੰਘਰਸ਼ ਵਿੱਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੇ ਹਿੱਸੇ ਆਈਆਂ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ ਜਿਹੇ ਆਜ਼ਾਦੀ ਘੁਲਾਟੀਆ ਕਰਕੇ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ। ਪੰਜਾਬੀ ਸੂਰਬੀਰਾਂ ਵਲੋਂ ਪਾਏ ਗਏ ਯੋਗਦਾਨ ਨੂੰ ਯਾਦ ਕਰਦਿਆਂ ਉਨਾਂ ਕਿਹਾ ਕਿ ਆਜ਼ਾਦੀ ਸੰਗਰਾਮ ਵਿਚ ਨਿਭਾਏ ਰੋਲ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਕਿਤੇ ਵੀ ਨਹੀਂ ਮਿਲਦੀ।

ਨਸ਼ਿਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ

 

ਮੁੱਖ ਮਹਿਮਾਨ ਸ. ਬਾਜਵਾ ਨੇ ਕਿਹਾ ਕਿ ਸਰਕਾਰ ਵਲੋਂ ਨਸ਼ਿਆਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਡੈਪੋ ਅਤੇ ਬਡੀ ਪ੍ਰੋਗਰਾਮਾਂ ਰਾਹੀਂ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਬਣਾ ਕੇ ਆਮ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ।

  • ਇਸ ਮੁਹਿੰਮ ਤਹਿਤ ਵਿਦਿਆਰਥੀ ਸਵੈ-ਨਿਗਰਾਨੀ ਕਰਦੇ ਹੋਏ ਇਕ-ਦੂਜੇ ਨੂੰ ਬੁਰੀ ਸੰਗਤ ਅਤੇ ਨਸ਼ਿਆਂ ਵਰਗੀਆਂ ਬਲਾਵਾਂ ਤੋਂ ਬਚਾਉਣ ਲਈ ਹੰਭਲਾ ਮਾਰ ਰਹੇ ਹਨ। ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਅਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਅਪਾਹਿਜ਼ ਵਿਅਕਤੀਆਂ ਨੂੰ ਟਰਾਈ ਸਾਈਕਲ ਵੀ ਵੰਡੇ।
  • ਸ. ਬਾਜਵਾ ਅਜ਼ਾਦੀ ਘੁਲਾਟੀਆਂ, ਉਨਾਂ ਦੇ ਪਰਿਵਾਰਾਂ ਅਤੇ ਜੰਗੀ ਵਿਧਵਾਵਾਂ ਨੂੰ ਵੀ ਮਿਲੇ। ਉਨਾਂ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਆਜ਼ਾਦੀ ਲਈ ਲੜਨ ਵਾਲਿਆਂ ਅਤੇ ਜਾਨ ਦੇਣ ਵਾਲਿਆਂ ਦਾ ਖਿਆਲ ਰੱਖਣ ਲਈ ਅਤੇ ਉਨਾਂ ਨੂੰ ਸਹੂਲਤਾਂ ਦੇਣ ਲਈ ਸਦਾ ਹੀ ਬਚਨਵੱਧ ਹੈ।
  • ਇਸ ਤੋਂ ਪਹਿਲਾ ਸ. ਬਾਜਵਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਪ੍ਰੇਡ ਦਾ ਨਿਰੀਖਣ ਕੀਤਾ ਅਤੇ ਪ੍ਰੇਡ ਵਿਚ ਸ਼ਾਮਲ ਵੱਖ-ਵੱਖ ਟੁਕੜੀਆਂ ਤੋਂ ਸਲਾਮੀ ਵੀ ਲਈ। ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਆਪਣੇ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਹੋਈਆਂ ਝਾਕੀਆਂ ਪੇਸ਼ ਕੀਤੀਆਂ ਗਈਆਂ।
  • ਸਮਾਗਮ ਦੌਰਾਨ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵਲੋਂ ਸ਼ਾਨਦਾਰ ਪੀ.ਟੀ. ਸ਼ੋਅ ਤੋਂ ਇਲਾਵਾ ਦੇਸ਼ ਭਗਤੀ ਨਾਲ ਸਬੰਧਤ ਗੀਤਾਂ ‘ਤੇ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਲੜਕੀਆਂ ਵਲੋਂ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਗਿੱਧਾ ਅਤੇ ਲੜਕਿਆਂ ਵਲੋਂ ਪਾਇਆ ਭੰਗੜਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।

ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਾਂਗਰਸ ਨੇਤਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ

ਇਸ ਮੌਕੇ ਵਿਧਾਇਕ ਭੁੱਚੋ ਮੰਡੀ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ, ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਬੀ.ਸ਼੍ਰੀਨਿਵਾਸਨ, ਆਈ. ਜੀ. ਸ਼੍ਰੀ ਮੁਹੰਮਦ ਫ਼ਾਰੂਕੀ, ਐਸ.ਐਸ.ਪੀ. ਡਾ. ਨਾਨਕ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਪ੍ਰੀਤ ਸਿੰਘ ਥਿੰਦ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ਼੍ਰੀ ਵਰਿੰਦਰ ਸਿੰਘ, ਐਸ.ਡੀ.ਐਮ. ਸ਼੍ਰੀ ਅਮਰਿੰਦਰ ਸਿੰਘ ਟਿਵਾਣਾ, ਤਲਵੰਡੀ ਸਾਬੋ ਤੋਂ ਕਾਂਗਰਸ ਦੇ ਦਿਹਾਤੀ ਪ੍ਰਧਾਨ ਸ਼੍ਰੀ ਖੁਸ਼ਬਾਜ ਜਟਾਣਾ, ਬਠਿੰਡਾ ਸ਼ਹਿਰੀ ਪ੍ਰਧਾਨ ਸ਼੍ਰੀ ਅਰੁਣ ਵਧਾਵਨ, ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ਼੍ਰੀ ਅਨਿਲ ਭੋਲਾ, ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ਼੍ਰੀ ਅਸ਼ੋਕ ਪ੍ਰਧਾਨ, ਹਲਕਾ ਇੰਚਾਰਜ ਸ਼੍ਰੀ ਹਰਵਿੰਦਰ ਸਿੰਘ ਲਾਡੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ।

Leave A Reply

Your email address will not be published.