ਪਾਕਿ ਦੇ ਕਿਲ੍ਹਾ ਜਮਰੌਦ ‘ਚ ਪਹਿਲੀ ਵਾਰ ਮਨਾਈ ਹਰੀ ਸਿੰਘ ਨਲੂਆ ਦੀ ਬਰਸੀ, ਸਿੱਖ ਤੇ ਪਾਕਿ ਫੌਜ ਦੇ ਅਧਿਕਾਰੀ ਰਹੇ ਮੌਜੂਦ

• ਕਿਲ੍ਹੇ 'ਚ ਮੌਜੂਦ ਯਾਦਗਾਰਾਂ ਤੇ ਹੋਰ ਨਿਸ਼ਾਨੀਆਂ ਤੋਂ ਕਰਵਾਇਆ ਜਾਣੂ

0 310,209

ਅੰਮਿ੍ਤਸਰ, ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਵਿਚਲੇ ਕਿਲ੍ਹਾ ਜਮਰੌਦ ਵਿਖੇ ਸਿੱਖ ਰਾਜ ਦੀ ਨੀਂਹ ਵਜੋਂ ਜਾਣੇ ਜਾਂਦੇ ਸ: ਹਰੀ ਸਿੰਘ ਨਲੂਆ ਦੀ ਸ਼ਹੀਦੀ ਬਰਸੀ ਉਨ੍ਹਾਂ ਦੀ ਸਮਾਧ ਦੇ ਸਥਾਨ ‘ਤੇ ਬਾਬਾ ਅਮੀਰ ਸਿੰਘ ਦੀ ਅਗਵਾਈ ਹੇਠ ਮਨਾਈ ਗਈ | ਪਿਸ਼ਾਵਰ ਤੋਂ ‘ਅਜੀਤ’ ਨਾਲ ਇਸ ਬਾਰੇ ‘ਚ ਜਾਣਕਾਰੀ ਸਾਂਝੀ ਕਰਦਿਆਂ ਪਿਸ਼ਾਵਰੀ ਸਿੱਖ ਆਗੂ ਗੁਰਪਾਲ ਸਿੰਘ ਨੇ ਦੱਸਿਆ ਕਿ ਸ: ਨਲੂਆ ਦੀ ਬਰਸੀ ਦੇਸ਼ ਦੀ ਵੰਡ ਦੇ ਬਾਅਦ ਪਹਿਲੀ ਵਾਰ ਉਕਤ ਕਿਲ੍ਹੇ ‘ਚ ਮਨਾਈ ਗਈ ਹੈ | ਪਿਸ਼ਾਵਰ ਦੀ ਗੁਰੂ ਕਲਗ਼ੀਧਰ ਸਿੰਘ ਸਭਾ ਗੁਰਦੁਆਰਾ ਭਾਈ ਜੋਗਾ ਸਿੰਘ ਕਮੇਟੀ ਵਲੋਂ ਅੱਜ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਪਾਕਿ ਸੈਨਾ ਦੇ ਅਧਿਕਾਰ ਅਧੀਨ ਉਕਤ ਕਿਲ੍ਹੇ ‘ਚ ਧਾਰਮਿਕ ਸਮਾਗਮ ਮਨਾਇਆ ਗਿਆ | ਇਸ ਦੌਰਾਨ ਕਿਲ੍ਹੇ ‘ਚ ਸ: ਨਲੂਆ ਦੀ ਸਮਾਧ ਦੇ ਸਾਹਮਣੇ ਉਸਾਰੇ ਗਏ ਥੜ੍ਹੇ ‘ਤੇ ਸ੍ਰੀ ਸੁਖਮਨੀ ਸਾਹਿਬ, ਚੌਪਈ ਸਾਹਿਬ ਅਤੇ ਆਨੰਦ ਸਾਹਿਬ ਦੇ ਪਾਠ ਉਪਰੰਤ ਭਾਈ ਜੋਗਿੰਦਰ ਸਿੰਘ, ਭਾਈ ਹਰਵਿੰਦਰ ਸਿੰਘ, ਭਾਈ ਜਸਬੀਰ ਸਿੰਘ ਤੇ ਭਾਈ ਸੁਰਿੰਦਰ ਸਿੰਘ ਦੇ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ |

  • ਭਾਈ ਜੋਗਿੰਦਰ ਸਿੰਘ ਨੇ ਅਰਦਾਸ ਕੀਤੀ ਅਤੇ ਹੁਕਮਨਾਮਾ ਲਿਆ ਗਿਆ, ਇਸ ਮੌਕੇ 70 ਦੇ ਕਰੀਬ ਪਿਸ਼ਾਵਰੀ ਸਿੱਖ ਅਤੇ ਪਾਕਿ ਫ਼ੌਜ ਦੇ ਅਧਿਕਾਰੀ ਹਾਜ਼ਰ ਰਹੇ | ਸ: ਗੁਰਪਾਲ ਸਿੰਘ ਦੇ ਉਦਮ ਸਦਕਾ ਸ: ਹਰੀ ਸਿੰਘ ਨਲੂਆ ਦੀ ਸਮਾਧ ਵਿਖੇ ਫ਼ੌਜ ਦੇ ਅਧਿਕਾਰੀਆਂ ਵਲੋਂ ਸਥਾਈ ਤੌਰ ‘ਤੇ ਉਨ੍ਹਾਂ ਦੀ ਤਸਵੀਰ ਵੀ ਲਗਾਈ ਗਈ | ਫ਼ੌਜ ਦੇ ਅਧਿਕਾਰੀਆਂ ਨੇ ਕਿਲ੍ਹੇ ‘ਚ ਬਰਸੀ ਮਨਾਉਣ ਪਹੁੰਚੇ ਪਿਸ਼ਾਵਰੀ ਸਿੱਖਾਂ ਨੂੰ ਕਿਲ੍ਹੇ ‘ਚ ਮੌਜੂਦ ਇਤਿਹਾਸਕ ਨਿਸ਼ਾਨੀਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਕਿਲ੍ਹੇ ਦੀਆਂ ਹੋਰ ਯਾਦਗਾਰਾਂ ਦਾ ਵੀ ਦੌਰਾ ਕਰਵਾਇਆ ਗਿਆ | ਦੱਸਣਯੋਗ ਹੈ ਕਿ ਧੋਖੇ ਨਾਲ ਦੁਸ਼ਮਣ ਦੀ ਗੋਲੀ ਦਾ ਨਿਸ਼ਾਨਾ ਬਣੇ ਸ. ਨਲੂਆ ਦੀ 30 ਅਪ੍ਰੈਲ 1837 ਨੂੰ ਉਕਤ ਕਿਲ੍ਹੇ ‘ਚ ਸ਼ਹਾਦਤ ਹੋਣ ‘ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕਿਲ੍ਹੇ ‘ਚ ਮੌਜੂਦ ਉਕਤ ਸਮਾਧ ਦੇ ਸਥਾਨ ‘ਤੇ ਉਨ੍ਹਾਂ ਦੇ ਪਾਲਿਤ ਪੁੱਤਰ ਸ: ਮਹਾਂ ਸਿੰਘ ਮੀਰਪੁਰੀਆ ਵਲੋਂ ਪ੍ਰਮੁੱਖ ਸਰਦਾਰਾਂ ਦੀ ਦੇਖ-ਰੇਖ ‘ਚ ਕੀਤਾ ਗਿਆ ਸੀ |

Leave A Reply

Your email address will not be published.