ਬਠਿੰਡਾ ਜਿ਼ਲ੍ਹੇ ਵਿਚ ਸ਼ਰਤਾਂ ਦੇ ਅਧਾਰ ਤੇ ਕੁਝ ਦੁਕਾਨਾਂ ਸਵੇਰੇ 6 ਤੋਂ 10 ਵਜੇ ਤੱਕ ਖੁਲਣਗੀਆਂ

-ਸਬਜੀਆਂ ਅਤੇ ਰਾਸ਼ਨ ਦੀ ਘਰੋ ਘਰੀ ਸਪਲਾਈ ਪਹਿਲਾਂ ਵਾਂਗ ਜਾਰੀ ਰਹੇਗੀ।

0 1,000,205

ਬਠਿੰਡਾ। ਜਿ਼ਲ੍ਹਾ ਮੈਜਿਸਟ੍ਰੇਟ ਸ੍ਰੀ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜਰ 2 ਮਈ ਤੋਂ ਕੁਝ ਵਿਸ਼ੇਸ ਸ਼੍ਰੇਣੀਆਂ ਦੀਆਂ ਦੁਕਾਨਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਕਰਫਿਊ ਦੌਰਾਨ ਖੋਲਣ ਦੀ ਛੋਟ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਕੇਵਲ ਕਰਿਆਣਾ, ਮੈਡੀਕਲ, ਡੇਅਰੀਆਂ, ਮਿਲਕ ਚਿਲਿੰਗ-ਮਿਲਕ ਕੁਲੈਕਸ਼ਨ ਸੈਂਟਰ, ਸਬਜੀਆਂ ਦੀਆਂ ਦੁਕਾਨਾਂ, ਬੇਕਰੀ, ਪੋਲਟਰੀ ਉਤਪਾਦਾਂ ਨਾਲ ਸਬੰਧਤ ਦੁਕਾਨਾਂ, ਸਪੇਅਰ ਪਾਰਟਸ ਦੀਆਂ ਦੁਕਾਨਾਂ ਸਮੇਤ ਮੋਬਾਇਲ ਆਇਲ ਦੀਆਂ ਦੁਕਾਨਾਂ, ਆਪਟੀਕਲ ਸਟੋਰ, ਟਾਇਰ ਸਟੋਰ,ਦੁਕਾਨਾਂ, ਲੈਬੋਰੈਟਰੀਜ਼, ਪਸ਼ੂ ਚਾਰੇ ਤੇ ਪੋਲਟਰੀ ਫੀਡ ਦੀਆਂ ਦੁਕਾਨਾਂ, ਬੀਜ, ਖਾਦ ਤੇ ਕੀਟਨਾਸ਼ਕ ਦੀਆਂ ਦੁਕਾਨਾਂ, ਖੇਤੀ ਇਨਪੁੱਟ ਨਾਲ ਸਬੰਧਤ ਦੁਕਾਨਾਂ, ਸੀਮੇਂਟ ਦੀਆਂ ਦੁਕਾਨਾਂ ਹੀ ਖੁੱਲ ਸਕਣਗੀਆਂ ਅਤੇ ਇਨ੍ਹਾਂ ਤੋਂ ਬਿਨ੍ਹਾਂ ਕੋਈ ਹੋਰ ਦੁਕਾਨ ਨਹੀਂ ਖੁੱਲੇਗੀ। ਇਸ ਤੋਂ ਬਿਨ੍ਹਾਂ ਪਾਰਸ ਨਗਰ, ਬਾਲਾ ਰਾਮ ਨਗਰ ਅਤੇ ਹੋਰ ਕੋਨਟੇਨਮੈਂਟ ਖੇਤਰਾਂ ਵਿਚ ਕਿਸੇ ਕਿਸਮ ਦੀਆਂ ਵੀ ਦੁਕਾਨਾਂ ਨਹੀਂ ਖੁੱਲਣਗੀਆਂ। ਇਹ ਦੁਕਾਨਾਂ 2 ਅਤੇ 3 ਮਈ ਦੇ ਸ਼ਨੀਵਾਰ ਐਤਵਾਰ ਨੂੰ ਤਾਂ ਖੁਲਣਗੀਆਂ ਪਰ ਇਸ ਤੋਂ ਬਾਅਦ ਅਗਲੇ ਸ਼ਨੀਵਾਰ ਐਤਵਾਰ ਬੰਦ ਹੀ ਰਿਹਾ ਕਰਣਗੀਆਂ।
ਇਸ ਤੋਂ ਬਿਨ੍ਹਾਂ ਰਿਲਾਇੰਸ, ਬੈਸਟ ਪ੍ਰਾਈਸ, ਇਜੀ ਡੇਅ, ਵਿਸ਼ਾਲ ਮੈਗਾ ਮਾਰਟ,ਬਿੱਗ ਬਜਾਰ ਆਦਿ ਸੁਪਰ ਸਟੋਰ ਪਬਲਿਕ ਲਈ ਨਹੀਂ ਖੁੱਲਣਗੇ ਪਰ ਇਹ ਪਹਿਲਾਂ ਤੋਂ ਜਾਰੀ ਜਰੂਰੀ ਵਸਤਾਂ ਦੀ ਹੋਮ ਡਲੀਵਰੀ ਕਰ ਸਕਣਗੇ।ਸਬਜੀਆਂ ਦੀ ਹੋਮ ਡਲੀਵਰੀ ਪਹਿਲਾਂ ਵਾਂਗ ਜਾਰੀ ਰਹੇਗੀ।ਮਾਰਕਿਟ ਕੰਪਲੈਕਸ਼ਾਂ ਵਿਚ ਬਣੀਆਂ ਦੁਕਾਨਾਂ ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ। ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਈ ਕਾਮਰਸ ਕੰਪਨੀਆਂ ਪਹਿਲਾਂ ਤੋਂ ਮਿਲੀਆਂ ਛੋਟਾਂ ਅਨੁਸਾਰ ਹੀ ਕੇਵਲ ਜਰੂਰੀ ਵਸਤਾਂ ਦੀ ਸਪਲਾਈ ਕਰ ਸਕਣਗੀਆਂ।
ਇਸ ਸਬੰਧੀ ਹੋਰ ਹਦਾਇਤਾਂ ਜਾਰੀ ਕਰਦਿਆਂ ਜਿ਼ਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਆਮ ਲੋਕ ਕੇਵਲ ਸਵੇਰੇ 6 ਤੋਂ 10 ਵਜੇ ਤੱਕ ਹੀ ਦੁਕਾਨਾਂ ਤੋਂ ਖਰੀਦਦਾਰੀ ਕਰ ਸਕਣਗੇ ਅਤੇ ਇਸ ਤੋਂ ਬਾਅਦ ਸਭ ਨੂੰ ਘਰਾਂ ਅੰਦਰ ਜਾਣਾ ਹੋਵੇਗਾ।ਘਰ ਤੋਂ ਬਾਹਰ ਆਉਣ ਸਮੇਂ ਮਾਸਕ ਲਾਜ਼ਮੀ ਪਾਓ ਅਤੇ ਦਸਤਾਨੇ, ਹੱਥ ਧੋਣ ਅਤੇ ਸੈਨੇਟਾਈਜਰ ਦੀ ਵਰਤੋਂ ਅਤੇ ਆਪਸੀ ਦੂਰੀ ਦਾ ਹਰ ਕੋਈ ਖਿਆਲ ਰੱਖੇ।
ਕਿਸੇ ਨੂੰ ਵੀ ਬੇਕਰੀ ਜਾਂ ਹੋਰ ਦੁਕਾਨ ਤੇ ਬੈਠਕੇ ਖਾਣਾ ਖਾਣ ਦੀ ਆਗਿਆ ਨਹੀਂ ਹੋਵੇਗੀ ਅਤੇ ਖਰੀਦਦਾਰੀ ਕਰਕੇ ਤੁਰੰਤ ਘਰ ਮੁੜ ਜਾਓ। ਦੁਕਾਨਦਾਰਾਂ ਨੂੰ ਅਪੀਲ ਹੈ ਕਿ ਉਹ ਇਸ ਸਮੇਂ ਘਰੋ ਘਰੀ ਸਪਲਾਈ ਨੂੰ ਉਤਸਾਹਿਤ ਕਰਨ। ਦੁਕਾਨਦਾਰ ਆਪਣੀਆਂ ਦੁਕਾਨਾਂ ਬਾਹਰ 1 ਮੀਟਰ ਦੇ ਵਕਫੇ ਤੇ ਸਰਕਲ ਲਗਾਉਣਗੇ ਤਾਂ ਜ਼ੋ ਗ੍ਰਾਹਕਾਂ ਵਿਚ ਸਮਾਜਿਕ ਦੂਰੀ ਬਣਾਈ ਰੱਖੀ ਜਾ ਸਕੇ। ਦੁਕਾਨਦਾਰ ਇਹ ਵੀ ਯਕੀਨੀ ਬਣਾਉਣਗੇ ਕਿ ਗ੍ਰਾਹਕ ਨੇ ਮਾਸਕ ਲਾਜ਼ਮੀ ਪਾਇਆ ਹੋਵੇ।
ਹਰੇਕ ਦੁਕਾਨਦਾਰ ਹੈਂਡ ਸਾਇਨੇਟਾਇਜਰ ਰੱਖੇਗਾ ਤਾਂ ਜ਼ੋ ਦੁਕਾਨ ਵਿਚ ਆਉਣ ਵਾਲਾ ਹਰ ਗ੍ਰਾਹਕ ਤੇ ਦੁਕਾਨਦਾਰ ਇਸ ਨਾਲ ਹੱਥ ਸਾਫ ਕਰ ਸਕੇ।

ਕੋਈ ਵੀ ਗ੍ਰਾਹਕ ਦੁਕਾਨ ਵਿਚ ਰੱਖੀ ਕਿਸੇ ਵਸਤ ਜਾਂ ਹੋਰ ਚੀਜ ਨੂੰ ਛੂਹੇ ਨਾ।ਦੁਕਾਨਦਾਰ ਗ੍ਰਾਹਕ ਨੂੰ ਡਿਜਟਿਲ ਤਰੀਕੇ ਨਾਲ ਭੁਗਤਾਨ ਕਰਨ ਲਈ ਉਤਸਾਹਿਤ ਕਰੇ।ਨਗਦੀ ਦੇ ਭੁਗਤਾਨ ਬਾਅਦ ਗ੍ਰਾਹਕ ਅਤੇ ਦੁਕਾਨਦਾਰ ਦੋਨੋਂ ਹੱਥ ਅਲਕੋਹਲ ਵਾਲੇ ਸੈਨੇਟਾਈਜਰ ਨਾਲ ਸਾਫ ਕਰਨ। ਗ੍ਰਾਹਕ ਘਰ ਤੋਂ ਕਪੜੇ ਦੇ ਬੈਗ ਲੈ ਕੇ ਜਾਣ ਅਤੇ ਇੰਨ੍ਹਾਂ ਨੂੰ ਬਾਅਦ ਵਿਚ ਸਾਬਣ ਸੋਡੇ ਤੇ ਗਰਮ ਪਾਣੀ ਨਾਲ ਧੋ ਲਿਆ ਜਾਵੇ। ਇੰਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave A Reply

Your email address will not be published.